ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ – Sri Guru Har Rai Sahib Ji History

Guru Har Rai Sahib Ji

Guru Har Rai Sahib Ji

ਸੱਤਵੇਂ ਗੁਰੂ ਜੀ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਜਨਵਰੀ 1630 ਈਸਵੀ ਨੂੰ ਹੋਇਆ ਸੀ। ਮੈਕਾਲਿਫ ਅਨੁਸਾਰ ਗੁਰੂ ਜੀ ਦਾ ਪ੍ਰਕਾਸ਼ ਮਾਘ ਸੁਦੀ 13 ਸੰਮਤ 1687 ਮੁਤਾਬਕ 1631 ਈਸਵੀ ਨੂੰ ਹੋਇਆ ਪਰ ਪ੍ਰਸਿੱਧ ਇਤਿਹਾਸਕਾਰ ਪਿੰ੍ਰਸੀਪਲ ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਅਨੁਸਾਰ ਗੁਰੂ ਜੀ ਦਾ ਪ੍ਰਕਾਸ਼ 30 ਜਨਵਰੀ 1630 ਈਸਵੀ ਨੂੰ ਹੀ ਹੋਇਆ।

ਭਾਵੇਂ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਬਾਬਾ ਗੁਰਦਿੱਤਾ ਜੀ ਨੂੰ ਗੁਰਗੱਦੀ ਦਿੱਤੀ ਜਾਣੀ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀਚੰਦ ਜੀ ਨੇ ਗੁਰੂ ਸਾਹਿਬ ਕੋਲੋਂ ਬਾਬਾ ਗੁਰਦਿੱਤਾ ਜੀ ਨੂੰ ਮੰਗ ਲਿਆ ਗਿਆ। ਬਾਬਾ ਸ਼੍ਰੀਚੰਦ ਜੀ ਨੇ ਕਿਹਾ ਕਿ ਆਪ ਜੀ ਦੇ ਪੰਜ ਪੁੱਤਰ ਹਨ, ਇਕ ਪੁੱਤਰ ਸਾਨੂੰ ਦੇ ਦਿਓ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਕੋਲ ਸੌਂਪ ਦਿੱਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ (ਸ੍ਰੀ ਗੁਰੂ) ਹਰਿ ਰਾਇ ਸਾਹਿਬ ਜੀ ਨਾਲ ਬਹੁਤ ਪਿਆਰ ਸੀ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵੀ ਹਮੇਸ਼ਾ ਹੀ ਆਪਣੇ ਦਾਦਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੰਗਤ ਵਿਚ ਰਹਿੰਦੇ ਸਨ। ਗੁਰੂ ਸਾਹਿਬ ਦੀ ਸੰਗਤ ਵਿਚ ਰਹਿੰਦਿਆਂ ਹੀ ਉਨ੍ਹਾਂ ਭਗਤੀ ਦਾ ਮਾਰਗ ਚੁਣਿਆ ਅਤੇ ਛੋਟੀ ਤੋਂ ਛੋਟੀ ਜਗਿਆਸਾ ਆਪਣੇ ਗੁਰੂ ਦਾਦਾ ਜੀ ਕੋਲੋਂ ਪੁੱਛ ਕੇ ਸ਼ਾਂਤ ਕਰਦੇ।

ਗੁਰੂ ਸਾਹਿਬ ਦੇ ਨਰਮ ਸੁਭਾਅ ਬਾਰੇ ਉਨ੍ਹਾਂ ਦੇ ਬਚਪਨ ਦੀ ਇਕ ਘਟਨਾ ਅਕਸਰ ਹੀ ਸੁਣਾਈ ਜਾਂਦੀ ਹੈ। ਉਹ ਇਹ ਹੈ ਕਿ ਇਕ ਵਾਰੀ ਆਪ ਆਪਣੇ ਦਾਦਾ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕੀਰਤਪੁਰ ਸਾਹਿਬ ਵਿਖੇ ਬਾਗ ਵਿਚ ਸੈਰ ਕਰ ਰਹੇ ਸਨ। ਆਪ ਜੀ ਨੇ ਚੋਗਾ ਪਹਿਨਿਆ ਹੋਇਆ ਸੀ, ਜੋ ਕਿ ਕਾਫੀ ਖੁੱਲ੍ਹਾ ਸੀ। ਤੁਰਦੇ ਸਮੇਂ ਉਨ੍ਹਾਂ ਦੇ ਚੋਗੇ ਨਾਲ ਲੱਗ ਕੇ ਕੁਝ ਫੁੱਲ ਧਰਤੀ ‘ਤੇ ਡਿਗ ਪਏ। ਆਪ ਜੀ ਨੂੰ ਇਸ ਗੱਲ ਦਾ ਇੰਨਾ ਦੁੱਖ ਹੋਇਆ ਕਿ ਆਪ ਜੀ ਉਥੇ ਹੀ ਬੈਠ ਗਏ। ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਉਥੇ ਹੀ ਬੈਠੇ ਰਹਿਣ ਦਾ ਕਾਰਨ ਪੁੱਛਿਆ ਤਾਂ ਆਪ ਨੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਚੋਗੇ ਨਾਲ ਅੜ ਕੇ ਕੁਝ ਫੁੱਲ ਟੁੱਟ ਗਏ ਹਨ ਤੇ ਧਰਤੀ ‘ਤੇ ਡਿਗ ਪਏ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਪਿਆਰ ਨਾਲ ਆਪਣੀ ਗੋਦ ਵਿਚ ਲਂੈਦਿਆਂ ਕਿਹਾ ਕਿ ਜੇਕਰ ਅਜਿਹੇ ਖੁੱਲ੍ਹੇ ਬਸਤਰ ਪਹਿਨਣ ਦੀ ਇੱਛਾ ਹੈ ਤਾਂ ਬੜਾ ਸੰਭਲ ਕੇ ਚੱਲਣਾ ਚਾਹੀਦਾ ਹੈ, ਆਪ ਜੀ ਨੇ ਗੁਰੂ ਸਾਹਿਬ ਦੀ ਇਹ ਗੱਲ ਇੰਨੀ ਚੰਗੀ ਤਰ੍ਹਾਂ ਆਪਣੇ ਪੱਲੇ ਬੰਨ੍ਹ ਲਈ ਕਿ ਉਹ ਸਾਰੀ ਜ਼ਿੰਦਗੀ ਇਸ ਗੱਲ ਦਾ ਖਿਆਲ ਰੱਖਦੇ ਕਿ ਉਨ੍ਹਾਂ ਕਰਕੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਅਤੇ ਹਮੇਸ਼ਾ ਹੀ ਸੰਗਤਾਂ ਨੂੰ ਇਹ ਗੱਲ ਕਹਿੰਦੇ ਕਿ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਰਹੋ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਤਾਕੀਦ ਕੀਤੀ ਕਿ ਉਹ ਹਮੇਸ਼ਾ ਆਪਣੇ ਨਾਲ ਹਥਿਆਰਬੰਦ ਸੈਨਿਕ ਰੱਖਿਆ ਕਰਨ। ਗੁਰੂ ਹਰਿ ਰਾਇ ਜੀ ਨੂੰ ਭਾਵੇਂ ਕੋਈ ਵੀ ਜੰਗ ਨਹੀਂ ਲੜਨੀ ਪਈ ਪਰ 2200 ਘੋੜ ਸਵਾਰ ਹਮੇਸ਼ਾ ਹੀ ਆਪ ਜੀ ਦੇ ਨਾਲ ਰਹਿੰਦੇ ਸਨ। ਇਹ ਆਪ ਜੀ ਦੀ ਸ਼ਖਸੀਅਤ ਦਾ ਹੀ ਦਬਦਬਾ ਸੀ ਕਿ ਮੁਗ਼ਲ ਸੈਨਿਕਾਂ ਨੇ ਆਪ ਜੀ ਵੱਲ ਕਦੇ ਮੂੰਹ ਨਹੀਂ ਕੀਤਾ। ਗੁਰੂ ਜੀ ਨੇ ਇਕ ਬਹੁਤ ਹੀ ਵਧੀਆ ਕਿਸਮ ਦਾ ਜੜ੍ਹੀ-ਬੂਟੀਆਂ ਅਤੇ ਫਲਾਂ-ਫੁੱਲਾਂ ਦਾ ਬਾਗ ਲਗਾਇਆ ਹੋਇਆ ਸੀ। ਇਸ ਬਾਗ ਵਿਚੋਂ ਹਰ ਤਰ੍ਹਾਂ ਦੀ ਦਵਾਈ ਲਈ ਜੜ੍ਹੀ- ਬੂਟੀ ਉਪਲੱਬਧ ਹੋ ਸਕਦੀ ਸੀ, ਇਸੇ ਤਰ੍ਹਾਂ ਇਕ ਬਿਹਤਰੀਨ ਕਿਸਮ ਦਾ ਦਵਾਖਾਨਾ ਵੀ ਬਣਾਇਆ ਹੋਇਆ ਸੀ, ਜਿਸ ਵਿਚੋਂ ਦੁਨੀਆ ਭਰ ਦੀ ਦਵਾਈ ਮਿਲ ਸਕਦੀ ਸੀ। ਜਦੋਂ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਕਿਸੇ ਗ਼ੰਭੀਰ ਬੀਮਾਰੀ ਨਾਲ ਬੀਮਾਰ ਹੋ ਗਿਆ ਸੀ ਤਾਂ ਉਸ ਦੇ ਇਲਾਜ ਲਈ ਗੁਰੂ ਜੀ ਦੇ ਦਵਾਖਾਨੇ ‘ਚੋਂ ਹੀ ਦੁਰਲੱਭ ਦਵਾਈ ਭੇਜੀ ਗਈ ਸੀ। ਔਰੰਗਜ਼ੇਬ ਨੂੰ ਇਹ ਗੱਲ ਹਮੇਸ਼ਾ ਹੀ ਖਟਕਦੀ ਰਹੀ ਕਿ ਗੁਰੂ ਜੀ ਨੇ ਉਸ ਦੇ ਭਰਾ ਦਾਰਾ ਸ਼ਿਕੋਹ ਦੀ ਮਦਦ ਕੀਤੀ। ਤਖ਼ਤ ‘ਤੇ ਬੈਠਦਿਆਂ ਹੀ ਔਰੰਗਜ਼ੇਬ ਨੇ ਗੁਰੂ ਜੀ ਨੂੰ ਆਪਣੇ ਕੋਲ ਬੁਲਾਵਾ ਭੇਜਿਆ। ਗੁਰੂ ਜੀ ਨੇ ਆਪਣੇ ਸਪੁੱਤਰ ਰਾਮ ਰਾਇ ਨੂੰ ਦਿੱਲੀ ਭੇਜਿਆ। ਔਰੰਗਜ਼ੇਬ ਇਸ ਗੱਲ ਦੀ ਤਸੱਲੀ ਕਰਨਾ ਚਾਹੁੰਦਾ ਸੀ ਕਿ ਸਿੱਖ ਮੱਤ ਵਿਚ ਇਸਲਾਮ ਧਰਮ ਦੇ ਵਿਰੁੱਧ ਤਾਂ ਕੋਈ ਗੱਲ ਨਹੀਂ ਹੈ। ਉਸ ਨੇ ਰਾਮ ਰਾਇ ਨੂੰ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਤੇ ਗੁਰੂ ਦੀ ਕਿਰਪਾ ਨਾਲ ਰਾਮ ਰਾਇ ਨੇ ਉਸ ਦੀ ਹਰ ਤਰ੍ਹਾਂ ਨਾਲ ਤਸੱਲੀ ਕਰਵਾਈ। ਅਖੀਰ ਇਕ ਜਗ੍ਹਾ ਆ ਕੇ ਉਹ ਥਿੜਕ ਗਿਆ, ਕਿਉਂਕਿ ਬਾਦਸ਼ਾਹ ਨੂੰ ਖੁਸ਼ ਕਰਨ ਦੇ ਚੱਕਰਾਂ ਵਿਚ ਉਸ ਨੇ ਗੁਰਬਾਣੀ ਦੀ ਇਕ ਤੁੱਕ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ। ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ’ ਵਿਚੋਂ ਮੁਸਲਮਾਨ ਸ਼ਬਦ ਨੂੰ ਬਦਲ ਦਿੱਤਾ ਤੇ ਉਸ ਦੀ ਥਾਂ ਬੇਈਮਾਨ ਸ਼ਬਦ ਦਾ ਇਸਤੇਮਾਲ ਕੀਤਾ। ਔਰੰਗਜ਼ੇਬ ਤਾਂ ਭਾਵੇਂ ਰਾਮ ਰਾਇ ‘ਤੇ ਖੁਸ਼ ਹੋ ਗਿਆ ਅਤੇ ਉਸ ਨੂੰ ਦੂਨ ਦੀ ਵਾਦੀ ਵਿਚ ਜਗੀਰ ਦੇ ਦਿੱਤੀ ਪਰ ਗੁਰੂ ਹਰਿ ਰਾਇ ਜੀ ਉਸ ਨਾਲ ਅਜਿਹੇ ਨਾਰਾਜ਼ ਹੋਏ ਕਿ ਉਸ ਨੂੰ ਸਿੱਖ ਧਰਮ ਵਿਚੋਂ ਸਦਾ ਲਈ ਛੇਕ ਦਿੱਤਾ ਤੇ ਕਿਹਾ ਕਿ ਮੁੜ ਕੇ ਮੈਨੂੰ ਮੂੰਹ ਨਾ ਦਿਖਾਏ।

ਆਪ ਜੀ ਨੇ ਕੀਰਤਪੁਰ ਸਾਹਿਬ ਵਿਖੇ ਇਕ ਬਹੁਤ ਹੀ ਵਧੀਆ ਦਵਾਖਾਨਾ ਬਣਾਇਆ ਹੋਇਆ ਸੀ, ਜਿਸ ਵਿਚ ਹਰ ਤਰ੍ਹਾਂ ਦੀਆਂ ਔਸ਼ਧੀਆਂ ਮੌਜੂਦ ਸਨ। ਇਸੇ ਤਰ੍ਹਾਂ ਆਪ ਜੀ ਨੇ ਇਕ ਸੁੰਦਰ ਚਿੜੀਆਘਰ ਵੀ ਬਣਾਇਆ ਹੋਇਆ ਸੀ, ਜਿਸ ਵਿਚ ਉਨ੍ਹਾਂ ਜਾਨਵਰਾਂ ਨੂੰ ਰੱਖਿਆ ਜਾਂਦਾ ਜੋ ਬੀਮਾਰ ਹੁੰਦੇ ਤੇ ਉਨ੍ਹਾਂ ਦਾ ਉਥੇ ਇਲਾਜ ਕੀਤਾ ਜਾਂਦਾ। ਗੁਰੂ ਹਰਿ ਰਾਇ ਜੀ ਨੇ ਬਹੁਤਾ ਸਮਾਂ ਸਿੱਖ ਧਰਮ ਦੇ ਪ੍ਰਚਾਰ ਵਿਚ ਲਗਾਇਆ। ਉਨ੍ਹਾਂ ਪੰਜਾਬ ਤੋਂ ਬਾਹਰ ਵੀ ਪ੍ਰਚਾਰਕ ਭੇਜੇ, ਜਿਨ੍ਹਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਗੁਰੂ ਜੀ ਗੁਰਬਾਣੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ। ਇਕ ਵਾਰ ਜਦੋਂ ਗੁਰੂ ਜੀ ਪਲੰਘ ‘ਤੇ ਲੇਟੇ ਹੋਏ ਸਨ ਤਾਂ ਕੁਝ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਆਏ ਤੇ ਉਹ ਗੁਰਬਾਣੀ ਦੇ ਸ਼ਬਦ ਗਾ ਰਹੇ ਸਨ। ਗੁਰੂ ਜੀ ਇਕਦਮ ਪਲੰਘ ਤੋਂ ਉੱਠ ਕੇ ਬੈਠ ਗਏ। ਸਿੱਖਾਂ ਦੇ ਪੁੱਛੇ ਜਾਣ ‘ਤੇ ਆਪ ਨੇ ਕਿਹਾ ਕਿ ਗੁਰਬਾਣੀ ਦਾ ਸਤਿਕਾਰ ਕਰਨਾ ਹਰ ਇਕ ਦਾ ਫਰਜ਼ ਹੈ, ਕਿਉਂਕਿ ਗੁਰਬਾਣੀ ਅਕਾਲ ਪੁਰਖ ਹੈ। ਆਪ ਜੀ ਨੇ ਬਾਲ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ ਸੌਂਪ ਕੇ ਅੱਠਵਾਂ ਗੁਰੂ ਥਾਪ ਦਿੱਤਾ ਅਤੇ 6 ਅਕਤੂਬਰ 1661 ਈਸਵੀ ਨੂੰ ਆਪ ਜੀ ਕੀਰਤਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਗਏ। ਆਪ ਜੀ 17 ਸਾਲ ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ।