Gurudwara Kila Sri Lohgarh Sahib, Amritsar

Gurudwara Kila Sri Lohgarh Sahib, Amritsar

Gurudwara Kila Sri Lohgarh Sahib, Amritsar

ਅੰਮਿ੍ਤਸਰ ਦੇ ਲੋਹਗੜ੍ਹ ਦਰਵਾਜ਼ੇ ਦੇ ਅੰਦਰ ਸੁਸ਼ੋਭਿਤ ਕਿਲ੍ਹਾ ਲੋਹਗੜ੍ਹ, ਜੋ ਕਿ ਹੁਣ ਪੂਰੀ ਤਰ੍ਹਾਂ ਨਾਲ ਗੁਰਦੁਆਰਾ ਸਾਹਿਬ ਵਿਚ ਤਬਦੀਲ ਹੋ ਚੁੱਕਾ ਹੈ, ਅੰਮਿ੍ਤਸਰ ਦੀ ਧਰਤੀ ‘ਤੇ ਉਸਾਰਿਆ ਜਾਣ ਵਾਲਾ ਪਹਿਲਾ ਜੰਗੀ ਕਿਲ੍ਹਾ ਹੈ | ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮਿ੍ਤਸਰ ਸ਼ਹਿਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਨਾਲ-ਨਾਲ ਦੁਸ਼ਮਣ ਤੁਰਕ ਸੈਨਾ ਦੇ ਮੁਕਾਬਲੇ ਲਈ ਫ਼ੌਜੀ ਤਿਆਰੀਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸੰਮਤ 1671 ਬਿ: (1614 ਈ:) ਵਿਚ ਇਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਅਤੇ ਸੰਮਤ 1676 ਬਿ: (ਸੰਨ 1619 ਈ:) ਵਿਚ ਇਸ ਕਿਲ੍ਹੇ ਦੇ ਆਸ-ਪਾਸ ਪੁਰਾਣੇ ਅੰਮਿ੍ਤਸਰ (ਰਾਮਦਾਸਪੁਰਾ) ਦੇ ਕੁਝ ਹਿੱਸੇ ਵਿਚ ਪੱਕੀ ਤੇ ਉੱਚੀ ਦੀਵਾਰ ਬਣਵਾਈ | ਸੰਨ 1997 ਵਿਚ ਗੁਰੂ ਮਹਾਰਾਜ ਦੀ ਇਸ ਅਦਭੁੱਤ ਨਿਸ਼ਾਨੀ ਕਿਲ੍ਹਾ ਲੋਹਗੜ੍ਹ ਦੀ ਜਗ੍ਹਾ ‘ਤੇ ਸੰਗਮਰਮਰੀ ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਉਸਾਰੇ ਜਾਣ ਤੋਂ ਬਾਅਦ ਗੁਰੂ ਮਹਾਰਾਜ ਦੁਆਰਾ ਹੱਥੀਂ ਉਸਾਰੇ ਕਿਲ੍ਹਾ ਲੋਹਗੜ੍ਹ ਦੀਆਂ ਸਭ ਨਿਸ਼ਾਨੀਆਂ ਲੁਪਤ ਹੋ ਗਈਆਂ |

ਸੰਨ 1629 ਵਿਚ ਗੁਰੂ ਸਾਹਿਬ ਨੇ ਕਿਲ੍ਹਾ ਲੋਹਗੜ੍ਹ ਦੇ ਸਥਾਨ ‘ਤੇ ਹੀ ਸ਼ਾਹੀ ਮੁਗ਼ਲ ਸੈਨਾ ਨਾਲ ਮੁਕਾਬਲਾ ਕੀਤਾ | ਦੱਸਿਆ ਜਾਂਦਾ ਹੈ ਕਿ ਬਾਦਸ਼ਾਹ ਸ਼ਾਹਜਹਾਨ ਦੇ ਪਾਲਤੂ ਚਿੱਟੇ ਬਾਜ਼ ਨੂੰ ਗੁਰੂ ਜੀ ਦੇ ਸਿੱਖਾਂ ਵੱਲੋਂ ਸ਼ਿਕਾਰ ਕਰਦਿਆਂ ਫੜੇ ਜਾਣ ਤੋਂ ਬਾਅਦ ਜਦੋਂ ਗੁਰੂ ਜੀ ਨੇ ਬਾਦਸ਼ਾਹ ਨੂੰ ਉਸ ਦਾ ਬਾਜ਼ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ ਨੇ ਆਪਣੇ ਇਕ ਖਾਸ ਅਹਿਲਕਾਰ ਮੁਖਲਸ ਖ਼ਾਂ ਨੂੰ 7000 ਫੌਜ ਦੇ ਨਾਲ ਅੰਮਿ੍ਤਸਰ ‘ਤੇ ਚੜ੍ਹਾਈ ਕਰਨ ਲਈ ਭੇਜ ਦਿੱਤਾ | ਕਿਲ੍ਹਾ ਲੋਹਗੜ੍ਹ ਦੇ ਮੁਕਾਮ ‘ਤੇ ਹੀ ਤੁਰਕ ਫੌਜ ਨਾਲ ਗੁਰੂ ਜੀ ਦਾ ਬਹੁਤ ਭਾਰੀ ਯੁੱਧ ਆਰੰਭ ਹੋਇਆ | ਗੁਰੂ ਸਾਹਿਬ ਨੇ ਤੁਰਕਾਂ ਦੇ ਅਜਿਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਪਹਿਲਾਂ ਤੋਂ ਹੀ ਕਿਲ੍ਹੇ ਵਿਚਲੇ ਕੁਝ ਬੇਰੀਆਂ ਦੇ ਰੁੱਖਾਂ ਨੂੰ ਤੋਪਾਂ ਵਿਚ ਤਬਦੀਲ ਕਰ ਰੱਖਿਆ ਸੀ | ਉਨ੍ਹਾਂ ਨੇ ਆਪਣੀ ਸਿੱਖ ਫੌਜ ਨੂੰ ਉਨ੍ਹਾਂ ਬੇਰੀ ਦੇ ਰੁੱਖਾਂ ਵਿਚ ਕੀਤੇ ਛੇਕਾਂ ਰਾਹੀਂ ਬਰੂਦ ਭਰ ਕੇ ਤੋਪ ਵਾਂਗੂ ਚਲਾਉਣ ਦਾ ਹੁਕਮ ਦਿੱਤਾ | ਇਨ੍ਹਾਂ ਤੋਪਾਂ ਦੀ ਮਾਰ ਨਾਲ ਛੇਤੀ ਤੁਰਕ ਫੌਜ ਦੇ ਪੈਰ ਉਖੜਣ ਲੱਗੇ ਅਤੇ ਉਨ੍ਹਾਂ ਨੂੰ ਕਿਲ੍ਹੇ ਦਾ ਘੇਰਾ ਛੱਡਣ ਲਈ ਮਜਬੂਰ ਹੋਣਾ ਪਿਆ | ਆਖਰ ਤਰਨ ਤਾਰਨ ਰੋਡ ‘ਤੇ ਚੱਬੇ ਪਿੰਡ ਦੀ ਜੂਹ ਵਿਚ ਜਿਥੇ ਅੱਜ ਗੁਰਦੁਆਰਾ ਸੰਗਰਾਣਾ ਸਾਹਿਬ ਸੁਭਾਇਮਾਨ ਹਨ, ਦੇ ਮੁਕਾਮ ‘ਤੇ ਮੁਖ਼ਲਸ ਖ਼ਾਂ ਦੇ ਅੰਤ ਨਾਲ ਇਸ ਯੁੱਧ ਦੀ ਸਮਾਪਤੀ ਹੋ ਗਈ | ਬੇਰੀ ਦੇ ਰੁੱਖ ਦੀ ਲੱਕੜੀ ਦੀ ਬਣੀ ਇਕ ਤੋਪ ਅੱਜ ਵੀ ਕਿਲ੍ਹਾ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਅੰਦਰ ਸ਼ੋਅ-ਕੇਸ ਵਿਚ ਰੱਖੀ ਹੋਈ ਹੈ |
ਪਿਛਲੇ ਸਮਿਆਂ ਵਿਚ ਕਿਲ੍ਹਾ ਲੋਹਗੜ੍ਹ ਤੋਂ ਸਿੱਧਾ ਰਸਤਾ ਗੁਰੂ ਕੇ ਮਹਿਲਾਂ ਨੂੰ ਜਾਂਦਾ ਸੀ | ਗੁਰੂ ਬਾਜ਼ਾਰ ਦੇ ਕੋਲ ਜਿਹੇ ਗੁਰੂ ਕੇ ਮਹਿਲ ਉਹ ਅਸਥਾਨ ਹੈ, ਜਿਥੇ ਗੁਰੂ ਹਰਿਗੋਬਿੰਦ ਜੀ ਨਿਵਾਸ ਕਰਿਆ ਕਰਦੇ ਸਨ |

ਸਮੇਂ ਦੇ ਪ੍ਰਵਾਹ ਦੇ ਚੱਲਦਿਆਂ ਭਾਵੇਂ ਅੱਜ ਗੁਰੂ ਮਹਾਰਾਜ ਦੁਆਰਾ ਖੁਦ ਤਾਮੀਰ ਕਰਵਾਇਆ ਕਿਲ੍ਹਾ ਲੋਹਗੜ੍ਹ, ਇਤਿਹਾਸਕ ਦੀਵਾਰ ਅਤੇ ਹੋਰ ਗੁਰ-ਨਿਸ਼ਾਨੀਆਂ ਅਲੋਪ ਹੋ ਚੁੱਕੀਆਂ ਹਨ ਪਰ ਕਿਲ੍ਹੇ ਦੀ ਨਿਸ਼ਾਨਦੇਹੀ ਕਰਦੀ ਗੁਰਦੁਆਰਾ ਲੋਹਗੜ੍ਹ ਸਾਹਿਬ ਦੀ ਇਮਾਰਤ ਅੱਜ ਵੀ ਸੁਭਾਇਮਾਨ ਹੈ ਅਤੇ ਅੰਮਿ੍ਤਸਰ ਸ਼ਹਿਰ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੀ ਹੈ | ਤੁਰਕਾਂ ਨਾਲ ਹੋਏ ਯੁੱਧ ਦੀ ਜਿੱਤ ਦੀ ਖੁਸ਼ੀ ਵਿਚ ਹਰ ਸਾਲ ਫਤਹਿ ਦਿਵਸ ਅਤੇ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ |